‘ਵਾਰਿਸ ਪੰਜਾਬ ਦੇ’ ਮੁਖੀ ਅਤੇ ਪੰਜਾਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਅਜਨਾਲਾ ਥਾਣੇ ’ਤੇ ਹਮਲੇ ਨਾਲ ਸਬੰਧਤ ਕੇਸ ’ਚ ਵਾਪਸ ਪੰਜ ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਕੇ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਹੈ। ਸੰਸਦ ਮੈਂਬਰ ਦੇ ਵਕੀਲ ਨੇ ਦੱਸਿਆ ਕਿ ਮਾਮਲੇ ’ਚ ਦੋ ਦਿਨਾਂ ਪੁਲੀਸ ਰਿਮਾਂਡ ਮੁੱਕਣ ਤੋਂ ਬਾਅਦ ਉਨ੍ਹਾਂ ਨੂੰ ਡਿਬਰੂਗੜ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਅਜਨਾਲਾ ਸਬ ਡਿਵੀਜ਼ਨਲ ਅਦਾਲਤ ਦੇ ਜੱਜ ਪਲਵਿੰਦਰ ਸਿੰਘ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਪੰਜ ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ ਅਤੇ ਨਿਰਦੇਸ਼ ਦਿੱਤਾ ਕਿ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ’ਚ ਰੱਖਿਆ ਜਾਵੇ ਜਿੱਥੇ ਇਸ ਤੋਂ ਪਹਿਲਾਂ ਐੱਨ ਐੱਸ ਏ ਤਹਿਤ ਤਿੰਨ ਸਾਲ ਲਈ ਹਿਰਾਸਤ ’ਚ ਰੱਖਿਆ ਗਿਆ ਸੀ।
ਪੰਜਾਬ ਪੁਲੀਸ ਨੇ 23 ਅਪਰੈਲ ਨੂੰ ਐੱਨ ਐੱਸ ਏ ਤਹਿਤ ਹਿਰਾਸਤ ਦੀ ਮਿਆਦ ਅੱਧੀ ਰਾਤ ਨੂੰ ਮੁੱਕਣ ਤੋਂ ਕੁਝ ਘੰਟਿਆਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਭੇਜਿਆ ਸੀ ਅਤੇ ਫਰਵਰੀ 2023 ’ਚ ਅਜਨਾਲਾ ਥਾਣੇ ’ਤੇ ਹੋਏ ਹਮਲੇ ਦੀ ਜਾਂਚ ਲਈ ਉਨ੍ਹਾਂ ਨੂੰ ਜੇਲ੍ਹ ਤੋਂ ਸਥਾਨਕ ਡਿਬਰੂਗੜ੍ਹ ਥਾਣੇ ’ਚ ਤਬਦੀਲ ਕਰ ਦਿੱਤਾ ਗਿਆ। ਪੇਸ਼ੀ ਦੌਰਾਨ ਪੁਲੀਸ ਨੇ ਅੰਮ੍ਰਿਤਪਾਲ ਦੇ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ।
ਉਨ੍ਹਾਂ ਦੀ ਵਕੀਲ ਜਸਬੀਰ ਕੌਰ ਨੇ ਦੱਸਿਆ, ‘‘ਸ਼ਨਿਚਰਵਾਰ ਨੂੰ ਅਜਨਾਲਾ ਦੀ ਸਬ ਡਿਵੀਜ਼ਨ ਅਦਾਲਤ ਨੇ ਵੀਡੀਓ ਕਾਨਫਰੰਸ ਰਾਹੀਂ ਅੰਮ੍ਰਿਤਪਾਲ ਸਿੰਘ ਦੀ ਨਿਆਂਇਕ ਹਿਰਾਸਤ ਦਾ ਹੁਕਮ ਦਿੱਤਾ। ਹੁਣ ਉਹ ਡਿਬਰੂਗੜ੍ਹ ਜੇਲ੍ਹ ’ਚ ਰਹਿਣਗੇ। ਅਜਨਾਲਾ ਮਾਮਲੇ ਦੀ ਅਗਲੀ ਸੁਣਵਾਈ 30 ਅਪਰੈਲ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ ਅਤੇ ਅੰਮ੍ਰਿਤਪਾਲ ਜੇਲ੍ਹ ਤੋਂ ਹੀ ਸੁਣਵਾਈ ’ਚ ਸ਼ਾਮਲ ਹੋਣਗੇ।’’ ਅੰਮ੍ਰਿਤਪਾਲ ਅਤੇ ਉਸ ਦੇ ਹਮਾਇਤੀਆਂ ’ਤੇ ਅਜਨਾਲਾ ਥਾਣੇ ਅੰਦਰ ਦਾਖਲ ਹੋ ਕੇ ਆਪਣੇ ਸਹਿਯੋਗੀ ਦੀ ਰਿਹਾਈ ਲਈ ਅਧਿਕਾਰੀਆਂ ਨਾਲ ਝੜਪ ਕਰਨ ਦਾ ਦੋਸ਼ ਹੈ।