ਸ਼ਨੀਵਾਰ ਰਾਤ ਵਾਸ਼ਿੰਗਟਨ ਡੀਸੀ ਦੇ ਵਾਸ਼ਿੰਗਟਨ ਹਿਲਟਨ ਹੋਟਲ ਦੇ ਬਾਲਰੂਮ ‘ਚ ‘ਵ੍ਹਾਈਟ ਹਾਊਸ ਕੋਰਸਪੌਂਡੈਂਟਸ ਐਸੋਸੀਏਸ਼ਨ’ ਦਾ ਸਾਲਾਨਾ ਡਿਨਰ ਚੱਲ ਰਿਹਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਪੱਤਰਕਾਰਾਂ ਨੂੰ ਸੰਬੋਧਨ ਕਰਨ ਵਾਲੇ ਸਨ ਪਰ ਅਚਾਨਕ ਗੋਲੀਬਾਰੀ ਦੀਆਂ ਤੇਜ਼ ਆਵਾਜ਼ਾਂ ਗੂੰਜੀਆਂ। ਇਸ ਨੇ ਪੂਰੇ ਪ੍ਰੋਗਰਾਮ ਦੀ ਚਮਕ-ਦਮਕ ਨੂੰ ਚਕਨਾਚੂਰ ਕਰ ਦਿੱਤਾ।ਮਹਿਮਾਨ ਫਰਸ਼ ‘ਤੇ ਲੇਟ ਗਏ ਤੇ ਸੁਰੱਖਿਆ ਮੁਲਾਜ਼ਮਾਂ ਨੇ ਰਾਸ਼ਟਰਪਤੀ ਨੂੰ ਤੁਰੰਤ ਘੇਰ ਲਿਆ। ਇਹ ਉਹੀ ਵਾਸ਼ਿੰਗਟਨ ਹਿਲਟਨ ਹੋਟਲ ਹੈ ਜਿੱਥੇ 45 ਸਾਲ ਪਹਿਲਾਂ ਰਾਸ਼ਟਰਪਤੀ ਰੋਨਾਲਡ ਰੀਗਨ ‘ਤੇ ਕਤਲ ਦੀ ਕੋਸ਼ਿਸ਼ ਹੋਈ ਸੀ।
ਕੁਝ ਹੀ ਪਲਾਂ ‘ਚ ਸੀਕਰੇਟ ਸਰਵਿਸ ਏਜੰਟ ਹਥਿਆਰ ਕੱਢ ਕੇ ਮੰਚ ‘ਤੇ ਪਹੁੰਚ ਗਏ। ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਮੰਚ ਤੋਂ ਤੇਜ਼ੀ ਨਾਲ ਹਟਾ ਕੇ ਪਿਛਲੇ ਪਰਦੇ ਰਾਹੀਂ ਬਾਹਰ ਕੱਢਿਆ। ਭੀੜ ਸਦਮੇ ਵਿੱਚ ਫਰਸ਼ ‘ਤੇ ਦੁਬਕੀ ਰਹੀ।
ਟਰੰਪ ਨੇ ਬਾਅਦ ‘ਚ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਿਆ ਸੀ ਕਿ ਕੋਈ ਟਰੇਅ (Tray) ਡਿੱਗ ਗਈ ਹੈ ਪਰ ਜਲਦੀ ਹੀ ਸਮਝ ਆ ਗਿਆ ਕਿ ਗੋਲੀ ਚੱਲ ਰਹੀ ਹੈ। ਉਨ੍ਹਾਂ ਕਿਹਾ, “ਮੈਂ ਉਮੀਦ ਕਰ ਰਿਹਾ ਸੀ ਕਿ ਉਹ ਟਰੇਅ ਹੋਵੇਗੀ, ਪਰ ਅਜਿਹਾ ਨਹੀਂ ਸੀ।”
ਹਿਲਟਨ ਹੋਟਲ ‘ਚ ਇਤਿਹਾਸ ਦੁਹਰਾਉਣ ਦੀ ਕੋਸ਼ਿਸ਼
30 ਮਾਰਚ 1981 ਨੂੰ ਯਾਨੀ 45 ਸਾਲ ਪਹਿਲਾਂ ਵਾਸ਼ਿੰਗਟਨ ਹਿਲਟਨ ਹੋਟਲ ਦੇ ਬਾਹਰ ਜੌਨ ਹਿੰਕਲੇ ਜੂਨੀਅਰ ਨੇ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। 22 ਕੈਲੀਬਰ ਦੀ ਇਕ ਗੋਲੀ ਉਨ੍ਹਾਂ ਦੀ ਲਿਮੋਜ਼ਿਨ ਨਾਲ ਟਕਰਾ ਕੇ ਵਾਪਸ ਆਈ, ਉਨ੍ਹਾਂ ਦੀ ਛਾਤੀ ‘ਚ ਲੱਗੀ, ਜਿਸ ਨਾਲ ਉਨ੍ਹਾਂ ਦੀ ਇੱਕ ਪਸਲੀ ਟੁੱਟ ਗਈ ਅਤੇ ਫੇਫੜੇ ‘ਚ ਛੇਦ ਹੋ ਗਿਆ। ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਹਸਪਤਾਲ ‘ਚ ਸਰਜਰੀ ਤੋਂ ਬਾਅਦ ਰੀਗਨ ਦੀ ਜਾਨ ਬਚ ਗਈ ਸੀ।
ਹੁਣ ਫਿਰ ਤੋਂ ਉਸੇ ਜਗ੍ਹਾ ਗੋਲੀਬਾਰੀ ਵਰਗੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪ੍ਰੋਗਰਾਮ ‘ਚ ਕਈ ਵੱਡੇ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਵਿੱਚ ਸਿਹਤ ਸਕੱਤਰ ਰੌਬਰਟ ਐੱਫ. ਕੈਨੇਡੀ ਜੂਨੀਅਰ ਵੀ ਸ਼ਾਮਲ ਸਨ। ਉਨ੍ਹਾਂ ਨੂੰ ਵੀ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਬਾਹਰ ਕੱਢਿਆ। ਘਟਨਾ ਤੋਂ ਬਾਅਦ ਪੂਰੇ ਹਾਲ ਨੂੰ ਖਾਲੀ ਕਰਵਾਇਆ ਗਿਆ।
ਵ੍ਹਾਈਟ ਹਾਊਸ ਪਹੁੰਚੇ ਟਰੰਪ
ਰਾਤ ਕਰੀਬ 8:40 ਵਜੇ ਟਰੰਪ ਦਾ ਕਾਫਲਾ ਹੋਟਲ ਤੋਂ ਤੇਜ਼ ਰਫਤਾਰ ਨਾਲ ਨਿਕਲਿਆ ਤੇ ਸਿੱਧਾ ਵ੍ਹਾਈਟ ਹਾਊਸ ਪਹੁੰਚਿਆ। ਉੱਥੇ ਜਲਦਬਾਜ਼ੀ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਟਰੰਪ ਦੇ ਨਾਲ ਮੇਲਾਨੀਆ ਟਰੰਪ, ਉਪ-ਰਾਸ਼ਟਰਪਤੀ ਜੇਡੀ ਵੈਂਸ ਅਤੇ ਐੱਫਬੀਆਈ (FBI) ਮੁਖੀ ਕਾਸ਼ ਪਟੇਲ ਮੌਜੂਦ ਸਨ।
ਟਰੰਪ ਨੇ ਕਿਹਾ, “ਮੈਂ ਉੱਥੇ ਰੁਕਣਾ ਚਾਹੁੰਦਾ ਸੀ, ਪਰ ਸੁਰੱਖਿਆ ਏਜੰਟਾਂ ਨੇ ਕਿਹਾ ਕਿ ਮੈਨੂੰ ਨਿਕਲਣਾ ਹੋਵੇਗਾ। ਇਹ ਪ੍ਰੋਗਰਾਮ ਦੁਬਾਰਾ ਕਰਵਾਇਆ ਜਾਵੇਗਾ। ਅਸੀਂ ਕਿਸੇ ਨੂੰ ਵੀ ਆਪਣੇ ਸਮਾਜ ‘ਤੇ ਕਬਜ਼ਾ ਨਹੀਂ ਕਰਨ ਦਿਆਂਗੇ।”