ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਤੋਂ ਸ਼ਨੀਵਾਰ ਰਾਤ ਆਈ ਇੱਕ ਖ਼ਬਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਡੀਆ, ਸੱਤਾ ਅਤੇ ਗਲੈਮਰ ਦਾ ਸਭ ਤੋਂ ਵੱਡਾ ਮੰਚ ਮੰਨੇ ਜਾਣ ਵਾਲੇ ‘ਵ੍ਹਾਈਟ ਹਾਊਸ ਕਾਰਸਪੋਂਡੈਂਟਸ ਡਿਨਰ’ ਦੌਰਾਨ ਅਚਾਨਕ ਗੋਲੀਆਂ ਚੱਲਣ ਨਾਲ ਹੜਕੰਪ ਮਚ ਗਿਆ। ਜਸ਼ਨ ਦਾ ਮਾਹੌਲ ਪਲਾਂ ਵਿੱਚ ਹੀ ਦਹਿਸ਼ਤ ਵਿੱਚ ਬਦਲ ਗਿਆ।
ਜਾਣਕਾਰੀ ਅਨੁਸਾਰ ਜਦੋਂ ਪ੍ਰੋਗਰਾਮ ਪੂਰੇ ਸ਼ਬਾਬ ‘ਤੇ ਸੀ ਅਤੇ ਹਾਲ ਵਿੱਚ ਦੇਸ਼-ਵਿਦੇਸ਼ ਦੇ ਵੱਡੇ ਪੱਤਰਕਾਰ, ਸਿਆਸਤਦਾਨ ਅਤੇ ਸੈਲੀਬ੍ਰਿਟੀ ਮੌਜੂਦ ਸਨ ਤਾਂ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਅਮਰੀਕੀ ਸੀਕਰੇਟ ਸਰਵਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ, ਫਰਸਟ ਲੇਡੀ ਮੇਲਾਨੀਆ ਟ੍ਰੰਪ ਅਤੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਟਰੰਪ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੇ ਸੁਰੱਖਿਆ ਏਜੰਸੀਆਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ।
‘ਮੇਰੇ ਤੋਂ ਕੁਝ ਕਦਮ ਦੂਰ ਸੀ ਹਮਲਾਵਰ’
CNN ਦੇ ਸੀਨੀਅਰ ਐਂਕਰ ਵੁਲਫ ਬਲਿਟਜ਼ਰ ਨੇ ਦੱਸਿਆ ਕਿ ਜਦੋਂ ਗੋਲੀਬਾਰੀ ਹੋਈ, ਉਹ ਹਮਲਾਵਰ ਤੋਂ ਮਹਿਜ਼ ਕੁਝ ਫੁੱਟ ਦੀ ਦੂਰੀ ‘ਤੇ ਸਨ। ਲੋਕਾਂ ਨੂੰ ਸਮਝ ਹੀ ਨਹੀਂ ਆਇਆ ਕਿ ਕੀ ਹੋ ਰਿਹਾ ਹੈ, ਕਈ ਲੋਕ ਆਪਣੀ ਜਾਨ ਬਚਾਉਣ ਲਈ ਟੇਬਲਾਂ ਦੇ ਹੇਠਾਂ ਛਿਪ ਗਏ ਅਤੇ ਕਈ ਜ਼ਮੀਨ ‘ਤੇ ਲੇਟ ਗਏ।
ਸੁਰੱਖਿਆ ‘ਚ ਵੱਡੀ ਚੂਕ ਦੇ ਲੱਗੇ ਇਲਜ਼ਾਮ
ਇੱਕ ਮਹਿਲਾ ਪੱਤਰਕਾਰ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸੁਰੱਖਿਆ ਕਰਮਚਾਰੀ ਸਿਰਫ਼ ‘ਐਂਟਰੀ ਪਾਸ’ ਚੈੱਕ ਕਰਨ ‘ਤੇ ਧਿਆਨ ਦੇ ਰਹੇ ਸਨ, ਜਦਕਿ ਹਥਿਆਰਾਂ ਦੀ ਤਲਾਸ਼ੀ ਅਤੇ ਪਛਾਣ ਪੱਤਰਾਂ ਦੀ ਜਾਂਚ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਗਿਆ। ਸ਼ਾਇਦ ਇਸੇ ਕਾਰਨ ਹਮਲਾਵਰ ਹਥਿਆਰਾਂ ਸਮੇਤ ਅੰਦਰ ਪਹੁੰਚਣ ਵਿੱਚ ਕਾਮਯਾਬ ਹੋ ਗਿਆ।
ਕੌਣ ਹੈ ਹਮਲਾਵਰ
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਦੀ ਪਛਾਣ ਕੋਲ ਟਾਮਸ ਵਜੋਂ ਹੋਈ ਹੈ, ਜੋ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਇੱਕ ਅਧਿਆਪਕ (Teacher) ਰਿਹਾ ਹੈ। ਉਸ ਕੋਲੋਂ ਸ਼ਾਟਗਨ, ਹੈਂਡਗਨ ਅਤੇ ਚਾਕੂ ਬਰਾਮਦ ਹੋਏ ਹਨ। ਹਾਲਾਂਕਿ ਉਸਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ, ਜਿਸ ਕਾਰਨ ਉਹ ਕਿਸੇ ਵੀ ਏਜੰਸੀ ਦੇ ਰਡਾਰ ‘ਤੇ ਨਹੀਂ ਸੀ।
ਕੀ ਟਰੰਪ ਨਿਸ਼ਾਨੇ ‘ਤੇ ਸਨ
ਰਾਸ਼ਟਰਪਤੀ ਟਰੰਪ ਨੇ ਖ਼ੁਦ ਸੰਕੇਤ ਦਿੱਤਾ ਹੈ ਕਿ ਸ਼ਾਇਦ ਉਹ ਹੀ ਹਮਲਾਵਰ ਦੇ ਨਿਸ਼ਾਨੇ ‘ਤੇ ਸਨ। FBI ਅਤੇ ਹੋਰ ਜਾਂਚ ਏਜੰਸੀਆਂ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ, ਜਿਸ ਵਿੱਚ ਅੱਤਵਾਦੀ ਐਂਗਲ ਨੂੰ ਵੀ ਨਕਾਰਿਆ ਨਹੀਂ ਜਾ ਰਿਹਾ। ਫਿਲਹਾਲ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਇਸਨੂੰ ਬਾਅਦ ਵਿੱਚ ਦੁਬਾਰਾ ਕਰਵਾਉਣ ਦੀ ਗੱਲ ਕਹੀ ਗਈ ਹੈ।